Ustat Kitab Ghar
Beleo Niklde Sher || ਬੇਲਿਓਂ ਨਿਕਲਦੇ ਸ਼ੇਰ ।। Jagdeep Singh
Beleo Niklde Sher || ਬੇਲਿਓਂ ਨਿਕਲਦੇ ਸ਼ੇਰ ।। Jagdeep Singh
Couldn't load pickup availability
ਨਾਵਲ ਲੜੀ 'ਨਾਨਕ ਰਾਜੁ ਚਲਾਇਆ' ਨੂੰ ਪੜ੍ਹਦਿਆਂ
ਸਤਿਗੁਰਾਂ ਦੀ ਵਰਸੋਈ ਧਰਤੀ ਦੇਸ ਪੰਜਾਬ ਵਿਚ, ਮਾਇਆ ਦੇ ਪ੍ਰਭਾਵ ਅਧੀਨ, ਸਾਡੀ ਮਾਨਸਿਕਤਾ ਗੁਰੂ-ਪੰਥ ਦੀ ਚੜ੍ਹਦੀਕਲਾ ਨੂੰ ਭੁੱਲਦੀ ਜਾ ਰਹੀ ਸੀ ਅਜਿਹੇ ਸਮੇਂ ਦੌਰਾਨ ਸਾਡੀ ਮਨੋਦਸ਼ਾ ਨੂੰ ਸੁਧਾਰਨ ਦੇ ਨਿੱਗਰ ਯਤਨ ਕਰਨੇ ਜ਼ਰੂਰੀ ਹਨ। ਇਹ ਸੁਧਾਰ ਆਪਣੇ ਸੁਨਹਿਰੀ ਇਤਿਹਾਸ ਨੂੰ ਆਪਣੀਆਂ ਸਿਮਰਤੀਆਂ ਵਿਚ ਮੁੜ ਧਿਆਕੇ, ਗੁਰੂ-ਬਖਸ਼ਿਸ਼ ਸਦਕਾ ਇਲਾਹੀ ਗੁਰਬਾਣੀ ਤੇ ਇਤਿਹਾਸ ਤੋਂ ਮਾਰਗ-ਦਰਸ਼ਨ ਲੈਂਦੇ ਹੋਏ ਕਾਰਜਸ਼ੀਲ ਹੋਇਆਂ ਹੀ ਹੋ ਸਕਦਾ ਹੈ। ਇਸੇ ਕਾਰਜ ਲਈ ਯਤਨਸ਼ੀਲ ਹੁੰਦੇ ਹੋਏ ਇਹ ਨਾਵਲ ਲੜੀ 'ਨਾਨਕ ਰਾਜੁ ਚਲਾਇਆ' ਨੂੰ ਸ਼ੁਰੂ ਕੀਤਾ ਗਿਆ ਹੈ। ਇਸ ਲੜੀ ਤਹਿਤ "ਹੰਨੈ ਹੰਨੈ ਪਾਤਸ਼ਾਹੀ" ਅਤੇ "ਬੇਲਿਓਂ ਨਿਕਲਦੇ ਸ਼ੇਰ" ਦੋ ਨਾਵਲ ਸੰਗਤਾਂ ਅੱਗੇ ਹਾਜ਼ਰ ਹੋ ਚੁੱਕੇ ਹਨ। ਇਹ ਨਾਵਲ ਭਾਈ ਰਤਨ ਸਿੰਘ ਭੰਗੂ ਜੀ ਵੱਲੋਂ ਲਿਖੇ "ਪ੍ਰਾਚੀਨ ਪੰਥ ਪ੍ਰਕਾਸ਼" ਦੇ ਆਧਾਰ 'ਤੇ ਲਿਖੇ ਗਏ ਹਨ। ਪਹਿਲੇ ਨਾਵਲ ਵਿਚ ਸ਼ਹੀਦ ਭਾਈ ਤਾਰਾ ਸਿੰਘ 'ਵਾਂ' ਦੀ ਸ਼ਹਾਦਤ ਤੋਂ ਆਰੰਭ ਹੋਕੇ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਦੀ ਸ਼ਹਾਦਤ ਨੂੰ ਗੁਰ-ਸਾਖੀ ਪ੍ਰੰਪਰਾ ਨਾਲ ਪੇਸ਼ ਕਰਦਾ ਹੈ। ਦੂਜਾ ਨਾਵਲ ਭਾਈ ਹਾਠੂ ਸਿੰਘ ਜੀ ਦੀ ਸਾਖੀ ਤੋਂ ਸ਼ੁਰੂ ਹੁੰਦਾ ਹੋਇਆ ਬੁੱਢਾ ਦਲ, ਤਰਨਾ ਦਲ ਅਤੇ ਫ਼ੇਰ ਸਿੱਖ ਮਿਸਲਾਂ ਦੇ ਬਣਨ ਦੀ ਗਾਥਾ, ਵੱਡੇ ਘੱਲੂਘਾਰੇ ਦੀ ਸਾਖੀ, ਅਬਦਾਲੀ ਨੂੰ ਲੁੱਟਣ, ਮੋਰਿੰਡਾ, ਸਰਹਿੰਦ ਦੁਆਬੇ ਦੇ ਹੋਰ ਇਲਾਕੇ ਆਪਣੇ ਰਾਜ ਅਧੀਨ ਕਰਨ ਵੇਲੇ ਗੁਰੂ ਪੰਥ ਦੇ ਅਨੇਕਾਂ ਯੋਧੇ ਖਾਸ ਕਰ ਬਾਬਾ ਚੜ੍ਹਤ ਸਿੰਘ ਜੀ ਸ਼ੁਕਰਚੱਕੀਆ ਦੀ ਬਹਾਦਰੀ ਤੇ ਸੂਰਬੀਰਤਾ ਨੂੰ ਬਿਆਨ ਕਰਦਾ ਹੈ। ਇਹਨਾਂ ਨਾਵਲਾਂ ਵਿਚ ਜਿਸ ਕਾਲ-ਖੰਡ ਨੂੰ ਚੁਣਿਆ ਗਿਆ ਹੈ ਉਹ ਪੰਥ ਦੀ ਰੂਹਾਨੀ- ਚੜ੍ਹਤਲ ਦਾ ਸੁਨਿਹਰੀ ਕਾਲ ਹੈ ਅਤੇ ਇਹ ਸਾਖੀਆਂ ਕੌਮ ਦੀ ਸਮੂਹਿਕ ਚੇਤਨਾ ਵਿਚ ਵਿਸ਼ੇਸ਼ ਥਾਂ ਰੱਖਦੀਆਂ ਹਨ। ਸ਼ਹੀਦਾਂ ਦੇ ਇਤਿਹਾਸ ਅਨੇਕਾਂ ਤਰੀਕਿਆਂ ਨਾਲ ਬਿਆਨੇ ਤੇ ਲਿਖੇ ਗਏ ਹਨ। ਅਨੇਕਾਂ ਹੀ ਸਾਖੀਆਂ ਸੀਨਾ-ਬ-ਸੀਨਾ ਚਲਦੀਆਂ, ਸਾਡਾ ਮਾਰਗ ਦਰਸ਼ਨ ਕਰਦੀਆਂ ਆਈਆਂ ਹਨ। ਅਜਿਹੇ ਮੌਕੇ ਸਰਬ ਸਾਂਝੀਆਂ ਘਟਨਾਵਾਂ, ਗੁਰੂ-ਪੰਥ ਦੇ ਚੇਤਿਆਂ 'ਚ ਚੱਤੋ- ਪਹਿਰ ਹਾਜ਼ਰ ਰਹਿਣ ਵਾਲੀਆਂ ਸਾਖੀਆਂ ਨੂੰ ਬਿਆਨ ਕਰਨਾ ਕੋਈ ਸੁਖਾਲਾ ਕਾਰਜ ਨਹੀਂ ਹੈ। ਬਾਈ ਜਗਦੀਪ ਸਿੰਘ ਫਰੀਦਕੋਟ ਵੱਲੋਂ ਇਹਨਾਂ ਨਾਵਲਾਂ ਵਿਚ ਸਾਖੀ-ਪ੍ਰੰਪਰਾ ਦੀ ਵਿਧਾ ਅਨੁਸਾਰ ਲਿਖਦਿਆਂ ਸਿੱਖੀ ਸਿਧਾਂਤਾਂ ਨੂੰ ਸੋਹਣੇ ਢੰਗ ਨਾਲ ਸਮਝਾਇਆ ਹੈ। ਬਾਬਾ ਦੀਪ ਸਿੰਘ ਵਾਲੀ ਸਾਖੀ ਵਿਚ ਸਰੀਰ ਲੇਖੇ ਲਾ ਕੇ ਗੁਰਬਾਣੀ ਦੀ ਵਿਆਖਿਆ ਕਰਨ ਦੇ ਨਿਵੇਕਲੇ ਢੰਗ ਤੋਂ ਇਲਾਵਾ ਦੋਵੇਂ ਨਾਵਲ ਪੜ੍ਹਕੇ ਸਾਨੂੰ ਪਤਾ ਲੱਗਦਾ ਕਿ ਪੁਰਾਤਨ ਸਿੰਘ ਕਿਵੇਂ ਗੁਰਬਾਣੀ ਤੋਂ ਓਟ ਆਸਰਾ ਲੈਂਦੇ ਹੋਏ ਆਪਣਾ ਜੀਵਨ ਬਤੀਤ ਕਰਦੇ ਸਨ। ਕਿਵੇਂ ਸਿੰਘ ਸਤਿਗੁਰਾਂ ਨੂੰ
ਸਦਾ ਹਾਜ਼ਰ ਨਾਜ਼ਰ ਜਾਣਕੇ ਹਰ ਕੰਮ ਤੋਂ ਪਹਿਲਾਂ ਸਦਾ ਅਰਦਾਸ ਕਰਦੇ ਸਨ ਅਤੇ ਜੰਗ ਦੌਰਾਨ ਕਿੰਝ ਗੁੱਸੇ ਵਿਚ ਨਹੀਂ ਸਗੋਂ ਗੁਰਬਾਣੀ ਗਾਉਂਦੇ, ਯੁੱਧ ਨੂੰ ਵੀ ਸਤਿਗੁਰਾਂ ਦਾ ਭਾਣਾ ਮੰਨਦੇ ਸਨ। ਇਸ ਨਾਵਲ ਲੜੀ ਦੇ ਸਮੂਹ ਪਾਠਕਾਂ ਨੂੰ ਪਿਓ ਦਾਦੇ ਦੇ ਖਜ਼ਾਨੇ (ਗੁਰੂ-ਪੰਥ ਦਾ ਇਤਿਹਾਸ) ਦੀ ਕੁੰਜੀ ਹੱਥ ਲੱਗਣ ਦਾ ਅਨੁਭਵ ਸਹਿਜੇ ਹੀ ਹੁੰਦਾ ਹੈ।
ਇਹਨਾਂ ਨਾਵਲਾਂ ਦਾ ਆਉਣਾ ਬਹੁਤ ਮਹੱਤਵਪੂਰਨ ਗੱਲ ਹੈ ਕਿਉਂ ਜੋ ਇਹ ਨਾਵਲ ਉਸ ਵੇਲੇ ਦੀ ਗੱਲ ਕਰਦੇ ਹਨ ਜਦੋਂ ਗੁਰੂ-ਕਾਲ ਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਅਸੀਂ ਪਹਿਲੀ ਵਾਰ ਸਾਂਝੇ ਰੂਪ ਵਿਚ ਇਸ ਖਿੱਤੇ ਦੀ ਅਗਵਾਈ ਕਰਦੇ ਹਾਂ । ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਤੋਂ ਬਾਅਦ, ਸਤਿਗੁਰਾਂ ਵੱਲੋਂ ਬਖਸ਼ੇ ਆਗੂਆਂ ਵਾਲੇ ਗੁਣ ਕਿਵੇਂ ਸਮੁੱਚੇ ਖਾਲਸਾ ਪੰਥ ਦੇ ਚੇਤਿਆਂ 'ਚ ਆਪਣਾ ਸਦੀਵ ਸਥਾਨ ਬਣਾ ਲੈਂਦੇ ਹਨ, ਇਹ ਸਾਨੂੰ ਇਹਨਾਂ ਨਾਵਲਾਂ ਰਾਹੀਂ ਵੀ ਪਤਾ ਲੱਗਦਾ ਹੈ। ਗੁਰੂ-ਸਿਧਾਤਾਂ 'ਤੇ ਪਹਿਰਾ ਦਿੰਦੇ ਅਨੇਕਾਂ ਦੁਨਿਆਵੀ ਔਕੜਾਂ ਝੱਲਦੇ ਵੀ ਸਾਰੇ ਆਗੂਆਂ ਦਾ ਸਤਿਗੁਰਾਂ ਦੇ ਬਚਨਾਂ ਤੇ ਇਸ ਖਿੱਤੇ ਪ੍ਰਤੀ ਸਮਰਪਣ ਬੇਮਿਸਾਲ ਹੈ। ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਹੈ ਉਹ ਲੋਕਾਈ ਨੂੰ ਖਾਲਸਾ ਰਾਜ ਦੇ ਝਲਕਾਰਿਆਂ ਨਾਲ ਸ਼ਰਸ਼ਾਰ ਕਰਦੇ ਹਨ। ਭਾਵੇਂ ਇਹ ਸੁਭਾਅ ਤੇ ਸਮਰਪਣ ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਹੀ ਮਿਲ ਸਕਦਾ ਹੈ ਪਰ ਫਿਰ ਵੀ ਇੰਝ ਜਾਪਦਾ ਹੈ ਜਿਵੇਂ ਉਸ ਬਖਸ਼ਿਸ਼ ਲਈ ਪਾਤਰਤਾ ਸਿੱਧ ਕਰਨ ਲਈ ਨਾਵਲ ਵੀ ਆਪਣਾ ਤਿਲ਼-ਫੁੱਲ ਸੇਵਾ ਨਿਭਾ ਸਕਦੇ ਹਨ। ਇਹਨਾਂ ਨਾਵਲਾਂ 'ਚ ਸਿੱਖ ਆਗੂਆਂ ਦੇ ਗੁਣ ਅਤੇ ਸੁਭਾਅ ਨੂੰ ਬਾਖੂਬੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਖ਼ਾਲਸੇ ਦੀ ਫੈਸਲੇ ਲੈਣ ਦੀ ਜੁਗਤ, ਨਿਆਂ ਕਰਨ ਦਾ ਢੰਗ, ਪ੍ਰਜਾ ਪ੍ਰਤੀ ਨਜ਼ਰੀਆ ਤੇ ਖ਼ਾਲਸਾ ਰਾਜ ਦੀਆਂ ਇਸਤਲਾਹਾਂ ਇਹਨਾਂ ਨਾਵਲਾਂ ਰਾਹੀਂ ਵੀ ਜਾਣੀਆਂ ਜਾ ਸਕਦੀਆਂ ਹਨ। ਗੁਰੂ ਖ਼ਾਲਸਾ ਪੰਥ ਦੇ ਅਜਿਹੇ ਇਤਿਹਾਸਕ ਮਾਡਲ, ਉਸ ਦੌਰ ਵਿਚ ਮੁੜ ਪੇਸ਼ ਕਰਨੇ, ਜਦੋਂ ਇਹਨਾਂ ਦੀ ਸਭ ਤੋਂ ਵੱਧ ਲੋੜ ਹੈ, ਹੀ ਇਸ ਨਾਵਲ ਦੀ ਵੱਡੀ ਪ੍ਰਾਪਤੀ ਹੈ। ਬੇਮਿਸਾਲ ਸਿੱਖ ਇਤਿਹਾਸ ਨੂੰ ਰੌਚਿਕ ਬਣਾਉਣ ਲਈ ਅਨੇਕਾਂ ਤਰ੍ਹਾਂ ਦੇ ਯਤਨ ਕਰਨ ਵਿਚ ਜਗਦੀਪ ਸਿੰਘ ਨੇ ਆਪਣੀ ਕਲਮ ਦੀ ਨਿਪੁੰਨਤਾ ਦਾ ਪ੍ਰਮਾਣ ਪੇਸ਼ ਕੀਤਾ ਹੈ। ਇਹ ਦੋਵੇਂ ਨਾਵਲ ਜਿਥੇ ਸਾਹਿਤਕ ਜਗਤ ਵਿਚ ਨਵੀਆਂ ਲੀਹਾਂ ਪਾ ਚੁੱਕੇ ਹਨ, ਉਥੇ ਗੁਰੂ-ਪੰਥ ਦੇ ਥਾਪੜੇ ਸਦਕਾ ਜਗਦੀਪ ਸਿੰਘ ਦੀ ਲਿਖਣੀ ਦੇ ਕੋਟ ਦੀ ਨੀਂਹ ਬੇਹੱਦ ਮਜ਼ਬੂਤ ਹੋ ਗਈ ਹੈ। ਅਰਦਾਸ ਹੈ ਕਿ ਸਤਿਗੁਰ ਆਪ ਥਾਪੜਾ ਦੇ ਕੇ 'ਨਾਨਕ ਰਾਜੁ ਚਲਾਇਆ' ਲੜੀ ਦੇ ਆਉਣ ਵਾਲੇ ਨਾਵਲਾਂ ਵਿਚ 'ਜਗਦੀਪ ਸਿੰਘ ਫਰੀਦਕੋਟ' ਦੀ ਕਲਮ 'ਤੇ ਆਪਣੀ ਸਵੱਲੀ ਨਦਰਿ ਬਣਾਈ ਰੱਖਣ ਜੀ ।
Share
