Ustat Kitab Ghar
Bol Mardanea || ਬੋਲ ਮਰਦਾਨਿਆ ॥ ਜਸਬੀਰ ਮੰਡ
Bol Mardanea || ਬੋਲ ਮਰਦਾਨਿਆ ॥ ਜਸਬੀਰ ਮੰਡ
Couldn't load pickup availability
ਭਾਈ ਮਰਦਾਨੇ ਦਾ ਵਿਸ਼ਾ ਹੁਣ ਤੱਕ ਸਿਰਫ਼ ਜਨਮ ਸਾਖੀਆਂ ਅਤੇ ਲੋਕ ਕਥਾਵਾਂ ਵਿੱਚ ਘਿਰਿਆ ਸੀ। ਇਸ ਅਣਗੌਲ਼ੇ ਨਾਇਕ ਦੇ ਰਹੱਸ ਨੂੰ ਸਮਝਣ ਲਈ ਸਿਰਫ਼ ਇਤਿਹਾਸਕ ਸੂਝ ਨਾਲ਼ ਨਹੀਂ ਸੀ ਸਰਨਾ। ਇਹ ਪੰਜਾਬੀ ਦੇ ਕਿਸੇ ਵੀ ਨਾਵਲਕਾਰ ਲਈ ਸਭ ਤੋਂ ਵੱਡੀ ਚੁਣੌਤੀ ਸੀ ਕਿ ਉਹ ਇਤਿਹਾਸ ਦੇ ਇਸ ਸਮੇਂ ਨੂੰ ਨਾਵਲ ਵਿੱਚ ਸੁਤੰਤਰ ਜਗ੍ਹਾ ਦਵਾ ਸਕਦਾ। ਮੰਡ ਦੀ ਇਸ ਰਚਨਾ ਵਿੱਚ ਨਾਵਲ ਅਤੇ ਇਤਿਹਾਸ ਦੀ ਸੁਗੰਧ ਬਰਾਬਰ ਆਉਂਦੀ ਹੈ। ਇਤਿਹਾਸ ਨੇ ਮਰਦਾਨੇ ਨੂੰ ਸਿਰਫ਼ ‘ਰਬਾਬੀ' ਤੱਕ ਹੀ ਸੀਮਤ ਕਰ ਦਿਤਾ ਸੀ। ਮੰਡ ਨੇ ਮਰਦਾਨੇ ਦੇ ਸਿਰਫ਼ ਸਾਜ਼ੀ ਹੋਣ ਦੀ ਮਿੱਥ ਨੂੰ ਤੋੜਿਆ ਹੈ। ਉਸਨੇ ਮਰਦਾਨੇ ਦੇ ਸਮਰਪਣ, ਸੂਝ ਅਤੇ ਸਾਦਗੀ ਦੇ ਸੰਗਮ ਨੂੰ ਇੱਕ ਨਵਾਂ ਸੰਵਾਦ ਦਿਤਾ ਹੈ।
ਗਲਪ/ਵਾਰਤਕ ਵਿੱਚ ਬਾਬੇ ਦੀ ਰੂਹਾਨੀ ਸੂਰਤ ਨੂੰ ਚਿਤਰਦਾ ਇਸ ਤਰ੍ਹਾਂ ਦਾ ਇਹ ਪਹਿਲਾ ਨਾਵਲ ਹੈ। ਇਸ ਨਾਵਲ ਵਿੱਚ ਇੱਕ ਧਾਰਾ ਨਿਰੰਤਰ ਵਗਦੀ ਹੈ, ਉਹ ਹੈ ਮਰਦਾਨੇ ਦੇ ਗਵਾਹ ਹੋਣ ਦੀ ਧਾਰਾ। ਜਿਸ ਤਰ੍ਹਾਂ ਬਾਬੇ ਦੇ ਸਾਥ ਦੌਰਾਨ ਮਰਦਾਨੇ ਨੇ ਸਫ਼ਰਾਂ ਨੂੰ ਜੀਵਿਆ ਹੈ, ਉਹ ਇਸ ਨਾਵਲ ਦੀ ਕੇਂਦਰੀ ਧੁਨ ਹੈ। ਮੰਡ ਨੇ ਘਟਨਾਵਾਂ ਨੂੰ ਛੱਡਕੇ ਸੂਖ਼ਮ ਪਲਾਂ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਵਲ ਵਿੱਚ ਫ਼ੈਲੇ ਰਹੱਸ ਨੂੰ ਧਿਆਨ ਨਾਲ਼ ਮਹਿਸੂਸ ਕਰਨ ਦੀ ਲੋੜ ਹੈ। ਮੰਡ ਨੇ ਪ੍ਰਚਲਿਤ ਇਤਿਹਾਸਕ ਦੁਹਰਾਅ ਨੂੰ ਬਹੁਤ ਘੱਟ ਵਰਤਿਆ ਹੈ। ਅਸਲ ਵਿੱਚ ਉਹ ਮਰਦਾਨੇ ਦੀ ਜਗਿਆਸੂ ਨਜ਼ਰ ਨਾਲ਼ ਉਸ ਸਮੁੱਚੇ ਦੌਰ ਨੂੰ ਪਕੜਨ ਦੀ ਕੋਸ਼ਿਸ਼ ਕਰਦਾ ਹੈ।
ਮੰਡ ਦਾ ਇਹ ਨਾਵਲ ਸਿਰਫ਼ ਮਰਦਾਨੇ ਦੀ ਕਥਾ ਨਹੀਂ ਹੈ। ਇਹ ਉਸਦੇ ਜੀਵਤ ਸੁਆਸਾਂ ਦੀ ਧੜਕਣ ਹੈ, ਜਿਹੜੇ ਉਸਨੇ ਬਾਬੇ ਨਾਲ਼ ਤੁਰਦਿਆਂ ਰੂਹਾਨੀ ਰੰਗਾਂ ਵਿੱਚ ਰੰਗੇ ਗਏ। ਇਸ ਵਿੱਚ ਬਾਬੇ ਦੇ ਹਜ਼ਾਰਾਂ ਮੀਲ ਦੇ ਸਫ਼ਰ ਦੀ ਉਹ ਚਿਣਗ ਵੀ ਹੈ, ਜਿਸ ਵਿੱਚ ਸੱਚ ਨੂੰ ਹਰ ਕਿਸੇ ਕੋਲ਼ ਪਹੁੰਚਾਉਣ ਦੀ ਚੇਸ਼ਟਾ ਸੀ। ਹਜ਼ਾਰਾਂ ਮੀਲਾਂ ਦੇ ਇਸ ਸਫਰ ਨੂੰ ਚਿਤਰਦੇ ਇਸ ਨਾਵਲ ਦੀ ਕਲਾਤਮਿਕ ਇਕਾਗਰਤਾ ਕਮਾਲ ਦੀ ਹੈ।ਬਾਬੇ ਦੇ ਅਲੱਗ-ਅਲੱਗ ਅੰਦਾਜ਼ ਵਿੱਚੋਂ ਗੁਜ਼ਰਨ ਦੇ ਦ੍ਰਿਸ਼ ਤਾਜ਼ਗੀ ਨਾਲ਼ ਭਰੇ ਪਏ ਹਨ। ਮੰਡ ਨੇ ਪੰਜਾਬੀ ਨਾਵਲ ਨੂੰ ਇੱਕ ਤਾਜ਼ੀ ਅੱਖ ਦਿੱਤੀ ਹੈ, ਜਿਸ ਵਿੱਚ ਪੰਜਾਬੀ ਸਭਿਆਚਾਰ ਦੀਆਂ ਗਹਿਰਾਈਆਂ ਨੂੰ ਤਾਜ਼ੇ ਦਮ ਨਾਲ਼ ਦੇਖਣ ਦੀ ਤਾਕਤ ਹੈ ।
Share
