Skip to product information
1 of 1

Ustat Kitab Ghar

Daulat Rai Dian Nazran Vich Sahibe Kmaal Guru Gobind Singh Ji || ਦੌਲਤ ਰਾਏ ਦੀਆਂ ਨਜ਼ਰਾਂ ਵਿਚ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ

Daulat Rai Dian Nazran Vich Sahibe Kmaal Guru Gobind Singh Ji || ਦੌਲਤ ਰਾਏ ਦੀਆਂ ਨਜ਼ਰਾਂ ਵਿਚ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ

Regular price $9.49 CAD
Regular price Sale price $9.49 CAD
Sale Sold out
Shipping calculated at checkout.
Genre
Quantity

ਭਾਵੇਂ ਮੈਨੂੰ ਆਪਣੀ ਅਸਮਰੱਥਾ ਦਾ ਪਤਾ ਸੀ, ਪਰ ਫਿਰ ਵੀ ਦੋ ਗੱਲਾਂ ਨੇ ਮੈਨੂੰ ਇਹ ਪੁਸਤਕ ਲਿਖਣ ਲਈ ਤਿਆਰ ਕਰ ਹੀ ਲਿਆ :

ਪਹਿਲੀ ਇਹ ਕਿ ਕੋਈ ਅਜਿਹੀ ਪੁਸਤਕ ਵਿਸਥਾਰ ਨਾਲ ਨਹੀਂ ਸੀ ਲਿਖੀ ਹੋਈ, ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਵਰਗੇ ਦੇਸ਼-ਭਗਤ ਤੇ ਮਹਾਨ ਯੋਧੇ ਦੇ ਉਦੇਸ਼ ਸਪੱਸ਼ਟ ਤੌਰ 'ਤੇ ਲਿਖੇ ਗਏ ਹੋਣ। ਕਈ ਤਰ੍ਹਾਂ ਦੀਆਂ ਜਨਮ-ਸਾਖੀਆਂ ਪੁਰਾਣੀਆਂ ਤੇ ਹੁਣ ਦੀਆਂ ਕੁਝ ਸ਼ਰਧਾਲੂਆਂ ਦੀਆਂ ਲਿਖੀਆਂ ਹੋਈਆਂ ਮਿਲਦੀਆਂ ਹਨ, ਪਰ ਉਨ੍ਹਾਂ ਦੀਆਂ ਕਈ ਗੱਲਾਂ ਨੂੰ ਸੱਚ ਮੰਨਣ ਵਿਚ ਸ਼ੱਕ ਹੁੰਦਾ ਹੈ। ਸੋ ਇਸ ਤਰ੍ਹਾਂ ਜ਼ਿੰਦਗੀ ਦੇ ਕਈ ਸੱਚੇ ਸਮਾਚਾਰ, ਬਨਾਉਟੀ ਘੜੇ ਸਮਾਚਾਰਾਂ ਨਾਲੋਂ ਨਿਖੇੜਨੇ ਔਖੇ ਹੋ ਜਾਂਦੇ ਹਨ ਅਤੇ ਇਉਂ ਜਿਸ ਵਿਅਕਤੀ ਦੀ ਜਨਮ-ਸਾਖੀ ਲਿਖੀ ਜਾਂਦੀ ਹੈ, ਉਸ ਨਾਲ ਭਾਰੀ ਅਨਿਆਂ ਹੁੰਦਾ ਹੈ, ਕਿਉਂਕਿ ਵਧਾ ਘਟਾ ਕੇ ਦੱਸਣ ਨਾਲ ਉਨ੍ਹਾਂ ਦੇ ਖ਼ਿਆਲਾਤ ਤੇ ਹਾਲਾਤ ਅਸਲੀ ਰੰਗ ਵਿਚ ਨਹੀਂ ਦਰਸਾਏ ਜਾਂਦੇ । ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖੀਆਂ ਜਨਮ- ਸਾਖੀਆਂ ਇਸ ਨੁਕਸ ਤੋਂ ਬਚੀਆਂ ਹੋਈਆਂ ਨਹੀਂ ਸਨ, ਸਗੋਂ ਉਨ੍ਹਾਂ ਵਿਚ ਕਈ ਹਾਲਾਤ ਅਜਿਹੇ ਸਨ ਕਿ ਜੇ ਉਨ੍ਹਾਂ 'ਤੇ ਯਕੀਨ ਕੀਤਾ ਜਾਵੇ ਤਾਂ ਗੁਰੂ ਜੀ ਦਾ ਮਹਾਨ ਉੱਤਮ ਕਾਰਜ ਵੀ ਐਵੇਂ ਮਾਮੂਲੀ ਜਿਹਾ ਤੇ ਵਾਧੂ ਹੀ ਦਿਸਣ ਲੱਗ ਪੈਂਦਾ ਹੈ। ਇਸ ਲਈ ਮੈਂ ਮਹਿਸੂਸ ਕੀਤਾ ਕਿ ਇਸ ਭਾਵਨਾ ਦੀ ਪੁਸਤਕ ਲਿਖੀ ਜਾਵੇ, ਜਿਸ ਤੋਂ ਉਸ ਮਹਾਂਬਲੀ ਦੇ ਮਹਾਨ ਕਾਰਜਾਂ ਦਾ ਅਤੇ ਉਸ ਦੇ ਉੱਚੇ ਵਿਚਾਰਾਂ ਦਾ ਚੰਗੀ ਤਰ੍ਹਾਂ ਪਤਾ ਲੱਗ ਸਕੇ।

ਇਸ ਪੁਸਤਕ ਨੂੰ ਲਿਖਣ ਦਾ ਦੂਜਾ ਕਾਰਨ ਇਹ ਸੀ ਕਿ ਜਨ-ਸਾਧਾਰਨ ਵਿਚੋਂ ਕਈ ਸੱਜਣ ਤਾਂ ਇਸ ਮਹਾਂਬਲੀ ਦੇ ਸਮਾਚਾਰਾਂ ਤੋਂ ਬਹੁਤ ਹੀ ਘੱਟ ਜਾਣੂ ਸਨ, ਜਿਸ ਦੇ ਫਲ-ਸਰੂਪ ਕਈ ਖ਼ੁਦਗ਼ਰਜ਼ ਲੋਕ ਬਹੁਤ ਗ਼ਲਤ ਤੇ ਫ਼ਜ਼ੂਲ ਗੱਲਾਂ ਗੁਰੂ ਜੀ ਦੇ ਵਿਚਾਰਾਂ ਅਤੇ ਜੀਵਨ-ਘਟਨਾਵਾਂ ਬਾਰੇ ਦੱਸ ਕੇ ਆਪਣੀਆਂ ਗ਼ਰਜ਼ਾਂ ਪੂਰੀਆਂ ਕਰ ਰਹੇ ਸਨ। ਅਤੇ ਮੇਰੀ ਹੈਰਾਨਗੀ ਇਕ ਕਿਤਾਬ ਨੂੰ ਵੇਖ ਕੇ ਹੋਰ ਵੀ ਵਧ ਗਈ, ਜਿਸ ਵਿਚ ਉਸ ਦੇ ਲੇਖਕ ਨੇ ਨਾਵਾਕਫ਼ੀ ਕਰਕੇ ਜਾਂ ਆਪਣੇ ਖ਼ਿਆਲਾਂ ਦੀ ਰੰਗਣ ਦੇਣ ਲਈ ਇਸ ਮਹਾਂਬਲੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਾਚਾਰਾਂ ਅਤੇ ਵਿਚਾਰਾਂ ਨੂੰ ਗ਼ਲਤ ਬਿਆਨ ਕਰ ਕੇ, ਉਨ੍ਹਾਂ ਦੇ ਮਹਾਨ ਪਵਿੱਤਰ ਉਦੇਸ਼ ਨੂੰ ਗੰਧਲਾ ਕਰ ਕੇ ਦੱਸਣ ਦਾ ਯਤਨ ਕੀਤਾ ਹੈ। ਅਤੇ ਮੇਰੀ ਹੈਰਾਨੀ ਹੋਰ ਵੀ ਵਧ ਗਈ ਜਦ ਮੈਨੂੰ ਆਪ ਉਸ ਵੇਲੇ ਦੇ ਖ਼ਾਲਸਾ ਸਿੱਖਾਂ ਪਾਸੋਂ ਕਈ ਮਸਲਿਆਂ ਬਾਰੇ ਵਾਕਫ਼ੀ ਲੈਣ ਦੀ ਲੋੜ ਪਈ ਤਾਂ ਉਨ੍ਹਾਂ ਵਿਚ ਬਹੁਤੇ ਅਜਿਹੇ ਸਨ, ਜਿਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਸੀ ਅਤੇ ਉਹ ਇਹ ਵੀ ਨਹੀਂ ਜਾਣਦੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਹੀ ਵਿਚਾਰ ਕੀ ਸਨ । ਕਈ ਅਜਿਹੇ ਵੀ ਮਿਲੇ, ਜਿਹੜੇ ਗ਼ਲਤ ਵਿਚਾਰ ਬਣਾਈ ਬੈਠੇ ਸਨ, ਅਤੇ ਫਿਰ ਉਨ੍ਹਾਂ ਦੇ ਵਿਚਾਰ ਆਪੋ ਵਿਚ ਰਲਦੇ ਨਹੀਂ ਸਨ।

ਇਨ੍ਹਾਂ ਕਾਰਨਾਂ ਕਰਕੇ ਮੈਂ ਇਸ ਮਹਾਂਬਲੀ ਦੇ ਜੀਵਨ-ਚਰਿੱਤਰ ਨੂੰ ਉਸ ਦੀ ਬਾਣੀ ਦੀ ਸੇਧ ਵਿਚ ਵਿਚਾਰਨਾ ਆਰੰਭ ਦਿੱਤਾ। ਜਿਉਂ ਜਿਉਂ ਮੈਨੂੰ ਉਨ੍ਹਾਂ ਦੀ ਬਾਣੀ ਵਿਚਾਰਨੀ ਪਈ, ਤਿਉਂ ਤਿਉਂ ਮੇਰੇ ਦਿਲ ਵਿਚ ਇਸ ਮਹਾਂਬਲੀ ਲਈ ਇੱਜ਼ਤ ਵਧਦੀ ਗਈ। ਨਾਲ ਹੀ ਮੇਰੇ ਦਿਲ ਵਿਚ ਇਸ ਗੱਲ ਲਈ ਅਫ਼ਸੋਸ ਲੱਗਣ ਲੱਗ ਪਿਆ ਕਿ ਹੁਣ ਤਕ ਉਨ੍ਹਾਂ ਦੇ ਪਵਿੱਤਰ ਵਿਚਾਰਾਂ ਨੂੰ ਬਹੁਤ ਹੱਦ ਤਕ ਤਾਂ ਦੱਸਿਆ ਹੀ ਨਹੀਂ ਗਿਆ ਸੀ ਅਤੇ ਜੋ ਕੁਝ ਦੱਸਿਆ ਜਾ ਰਿਹਾ ਹੈ, ਉਹ ਬਹੁਤ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਥੋਂ ਤਕ ਕਿ ਕੁਝ ਵਿਦਵਾਨਾਂ ਨਾਲ ਗੁਰੂ ਜੀ ਦੇ ਜੀਵਨ-ਚਰਿੱਤਰ ਅਤੇ ਖ਼ਾਸ ਕਰਕੇ ਉਨ੍ਹਾਂ

ਦੇ ਉਦੇਸ਼ ਬਾਰੇ ਵਿਚਾਰ-ਵਟਾਂਦਰਾ ਕਰਨ 'ਤੇ ਪਤਾ ਲੱਗਾ ਕਿ ਉਹ ਸੱਜਣ ਨਾ ਕੇਵਲ ਉਸ ਮਹਾਂਬਲੀ ਦੇ ਉਦੇਸ਼ ਤੋਂ ਹੀ ਅਨਜਾਣ ਹਨ, ਸਗੋਂ ਬਹੁਤ ਹੱਦ ਤਕ ਗ਼ਲਤ ਖ਼ਿਆਲ ਬਣਾਈ ਬੈਠੇ ਸਨ। ਕਈ ਲੋਕਾਂ ਵਿਚ ਤਾਂ ਅਜਿਹੇ ਗ਼ਲਤ ਖ਼ਿਆਲ ਘੁਸੜੇ ਹੋਏ ਸਨ ਕਿ ਜੇ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਪੜ੍ਹਨ ਵਿਚਾਰਨ ਦਾ ਸਮਾਂ ਨਾ ਮਿਲਿਆ ਹੁੰਦਾ ਤਾਂ ਇਸ ਮਹਾਂਬਲੀ ਦੇ ਕਾਰਜਾਂ ਦੀ ਮਹਾਨਤਾ ਮੇਰਾ ਦਿਲ ਪ੍ਰਤੀਤ ਹੀ ਨਾ ਕਰ ਸਕਦਾ।

ਕੁਛ ਸਮਾਂ ਮੇਰਾ ਵੀ ਇਹੋ ਵਿਚਾਰ ਰਿਹਾ ਕਿ ਗੁਰੂ ਜੀ ਕੇਵਲ ਮਾਮੂਲੀ ਸੁਧਾਰਕ ਤੋਂ ਵੱਧ ਕੁਝ ਨਹੀਂ ਸਨ, ਪਰ ਉਨ੍ਹਾਂ ਦੇ ਵਿਚਾਰਾਂ ਤੇ ਉਨ੍ਹਾਂ ਦੇ ਸਮਾਚਾਰਾਂ ਨੂੰ ਮੈਂ ਜਿਉਂ ਜਿਉਂ ਘੋਖਿਆ, ਮੇਰੀਆਂ ਕਈ ਰਾਵਾਂ, ਮੇਰੇ ਕਈ ਖ਼ਿਆਲ ਅਤੇ ਮੇਰੀਆਂ ਕਈ ਲੱਭਤਾਂ ਗ਼ਲਤ ਸਾਬਤ ਹੋ ਗਈਆਂ । ਸਗੋਂ ਇਸ ਤੋਂ ਉਲਟ ਉਸ ਮਹਾਂਬਲੀ ਦੀ ਇੱਜ਼ਤ ਅਤੇ ਪ੍ਰੀਤੀ ਮੇਰੇ ਦਿਲ ਵਿਚ ਇਤਨਾ ਡੂੰਘਾ ਅਸਰ ਕਰ ਗਈ ਕਿ ਮੈਂ ਮਹਿਸੂਸ ਕੀਤਾ ਕਿ ਇਸ ਮਹਾਂਬਲੀ ਦੇ ਵਿਚਾਰਾਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਪੁਸਤਕ ਰੂਪ ਵਿਚ ਛਪਵਾ ਕੇ ਪੇਸ਼ ਕਰ ਦਿੱਤਾ ਜਾਵੇ।

ਭਾਰਤਵਰਸ਼ ਦੇ ਕਈ ਹੋਰ ਮਹਾਂਪੁਰਸ਼ਾਂ ਅਤੇ ਸੂਰਬੀਰਾਂ ਦੇ ਸਮਾਚਾਰਾਂ ਦਾ ਜਾਣੂ ਹੋ ਕੇ ਜੋ ਇੱਜ਼ਤ ਤੇ ਪ੍ਰੀਤੀ ਉਨ੍ਹਾਂ ਲਈ ਮੇਰੇ ਦਿਲ ਵਿਚ ਬਣੀ ਸੀ, ਉਸ ਲਈ ਮੈਂ ਇਰਾਦਾ ਕੀਤਾ ਸੀ ਕਿ ਉਨ੍ਹਾਂ ਦੇ ਜੀਵਨ-ਚਰਿੱਤਰ ਆਪਣੇ ਨਜ਼ਰੀਏ ਨਾਲ ਲਿਖ ਕੇ ਆਮ ਜਨਤਾ ਦੇ ਸਾਹਮਣੇ ਪੇਸ਼ ਕਰਾਂ ਅਤੇ ਇਸ ਕਾਰਜ ਲਈ ਮੈਂ ਕੁਝ ਮਸਾਲਾ ਵੀ ਇਕੱਠਾ ਕਰ ਲਿਆ, ਪਰ ਮਹਾਂਬਲੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਾਚਾਰ ਜਾਣ ਕੇ ਤਾਂ ਮੈਂ ਇਤਨਾ ਪ੍ਰਭਾਵਿਤ ਹੋਇਆ ਜੁ ਮੈਂ ਇਰਾਦਾ ਕਰ ਲਿਆ ਕਿ ਹੋਰ ਮਹਾਂਪੁਰਸ਼ਾਂ ਦੇ ਜੀਵਨ-ਚਰਿੱਤਰ ਲਿਖਣ ਤੋਂ ਪਹਿਲਾਂ ਇਸ ਪਵਿੱਤਰ ਆਤਮਾ ਮਹਾਂਬਲੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ-ਚਰਿੱਤਰ ਲਿਖਿਆ ਜਾਏ। ਇਹ ਫ਼ੈਸਲਾ ਕਰਨ ਤੋਂ ਬਾਅਦ ਡੇਢ ਸਾਲ ਤਕ ਮੈਂ ਉਡੀਕਦਾ ਰਿਹਾ ਕਿ ਮਤੇ ਕੋਈ ਹੋਰ ਖ਼ਾਲਸਾ ਇਸ ਕਾਰਜ ਨੂੰ ਸਿਰੇ ਚਾੜ੍ਹੇ, ਜਿਸ ਨੂੰ ਕਿ ਗੁਰੂ ਸਾਹਿਬ ਦੀਆਂ ਜੀਵਨ-ਘਟਨਾਵਾਂ ਦੀ ਵਧੇਰੇ ਵਾਕਫ਼ੀ ਹੋਵੇ, ਪਰ ਇਸ ਕਾਰਜ ਲਈ ਕਿਸੇ ਨੇ ਉੱਦਮ ਨਾ ਕੀਤਾ। ਅੰਤ ਮੇਰੇ ਦਿਲ ਨੇ ਉਛਾਲਾ ਖਾਧਾ ਅਤੇ ਮੈਂ ਪਾਠਕਾਂ ਦੀ ਭੇਟ ਕਰਨ ਲਈ ਕੁਝ ਪੰਨੇ ਲਿਖ ਦਿੱਤੇ। ਇਹ ਸਾਰਾ ਕੰਮ ਸਿਰੇ ਚੜਾਉਣਾ ਮੇਰੇ ਲਈ ਕਾਫ਼ੀ ਔਖਾ ਸੀ, ਪਰ ਮੇਰੇ ਸਨਮਾਨ ਯੋਗ ਮਿੱਤਰ ਲਾਲਾ ਜਵਾਲਾ ਦਾਸ ਮਾਸਟਰ, ਹਾਈ ਸਕੂਲ, ਡੇਰਾ ਗ਼ਾਜ਼ੀ ਖ਼ਾਂ ਨੇ ਮੇਰਾ ਹੱਥ ਵਟਾਇਆ, ਜਿਸ ਲਈ ਮੈਂ ਉਨ੍ਹਾਂ ਦਾ ਦਿਲੋਂ ਧੰਨਵਾਦੀ ਹਾਂ।

ਮੈਨੂੰ ਆਪ ਪਤਾ ਹੈ ਕਿ ਇਸ ਪੁਸਤਕ ਵਿਚ ਮੈਂ ਜੋ ਕੁਝ ਲਿਖਿਆ ਹੈ, ਉਹ ਮੁਕੰਮਲ ਨਹੀਂ। ਪਰ ਇਹ ਕੁਝ ਕੇਵਲ ਇਸ ਆਸ 'ਤੇ ਲਿਖਿਆ ਹੈ ਕਿ ਮਤੇ ਕੋਈ ਇਸ ਅਧੂਰੇ ਕੰਮ ਨੂੰ ਪੂਰਾ ਕਰ ਦੇਵੇ । ਪਾਠਕਾਂ ਤੋਂ ਮੈਂ ਆਸ ਰੱਖਦਾ ਹਾਂ ਕਿ ਮੇਰੀਆਂ ਖ਼ਾਮੀਆਂ ਨੂੰ ਜੇ ਉਹ ਪੜਚੋਲਣਗੇ ਤਾਂ ਇਸ ਮਹਾਂਬਲੀ ਦੀ ਬਾਣੀ ਨੂੰ ਸਾਹਮਣੇ ਰੱਖ ਕੇ ਹੀ ਕੋਈ ਫ਼ੈਸਲਾ ਕਰਨਗੇ। ਮੇਰੇ ਪਾਸੋਂ ਜੋ ਹੋ ਸਕਿਆ ਹੈ, ਉਹ ਮੈਂ ਪਾਠਕਾਂ ਦੀ ਭੇਟ ਕਰ ਰਿਹਾ ਹਾਂ।

View full details